ਤਾਜ਼ਾ ਖ਼ਬਰਾਂ — PrimezNews
ਵਾਯੂ ਪ੍ਰਦੂਸ਼ਣ ਰੋਕਣ ਲਈ 16,000 ਕਰੋੜ ਰੁਪਏ ਖਰਚਣ ਦੇ ਬਾਵਜੂਦ ਹਵਾ ਦੀ ਗੁਣਵੱਤਾ ਗੰਭੀਰ, ਰਿਪੋਰਟ 'ਚ ਖੁਲਾਸਾ
ਪਿਛਲੇ 11 ਸਾਲਾਂ ਦੌਰਾਨ ਸਰਕਾਰ ਵੱਲੋਂ 16,000 ਕਰੋੜ ਰੁਪਏ ਤੋਂ ਵੱਧ ਖਰਚਣ ਦੇ ਬਾਵਜੂਦ ਦੇਸ਼ ਵਿੱਚ ਹਵਾ ਪ੍ਰਦੂਸ਼ਣ ਘਟਾਉਣ ਦੇ ਯਤਨ ਅਸਫਲ ਸਾਬਤ ਹੋਏ ਹਨ। ਇੱਕ ਅਧਿਐਨ ਅਨੁਸਾਰ ਪ੍ਰਦੂਸ਼ਣ ਕਾਰਨ ਭਾਰਤ ਵਿੱਚ 20 ਲੱਖ ਮੌਤਾਂ ਹੋਈਆਂ ਅਤੇ 2023 ਵਿੱਚ ਜੀਡੀਪੀ ਦਾ 9.5 ਫੀਸਦੀ ਨੁਕਸਾਨ ਹੋਇਆ।

ਪਿਛਲੇ 11 ਸਾਲਾਂ ਦੌਰਾਨ ਵੱਖ-ਵੱਖ ਯੋਜਨਾਵਾਂ 'ਤੇ 16,000 ਕਰੋੜ ਰੁਪਏ ਤੋਂ ਵੱਧ ਦੀ ਰਕਮ ਖਰਚ ਕੀਤੇ ਜਾਣ ਦੇ ਬਾਵਜੂਦ ਪ੍ਰਦੂਸ਼ਣ 'ਤੇ ਕਾਬੂ ਪਾਉਣ ਵਿੱਚ ਸਫਲਤਾ ਨਹੀਂ ਮਿਲੀ ਹੈ। ਇੱਕ ਤਾਜ਼ਾ ਰਿਪੋਰਟ ਤੋਂ ਪਤਾ ਲੱਗਾ ਹੈ ਕਿ ਭਾਰਤ ਵਿੱਚ ਹਵਾ ਪ੍ਰਦੂਸ਼ਣ ਕਾਰਨ 20 ਲੱਖ ਮੌਤਾਂ ਹੋਈਆਂ ਹਨ ਅਤੇ ਸਾਲ 2023 ਵਿੱਚ ਇਸ ਕਾਰਨ ਦੇਸ਼ ਦੇ ਜੀਡੀਪੀ ਦਾ 9.5 ਫੀਸਦੀ ਨੁਕਸਾਨ ਦਰਜ ਕੀਤਾ ਗਿਆ। ਇੰਡੀਅਨ ਇੰਸਟੀਚਿਊਟ ਫਾਰ ਟ੍ਰੋਪੀਕਲ ਮੀਟੀਓਰੋਲੋਜੀ (IITM), ਪੁਣੇ ਦੇ ਅਧਿਐਨ ਅਨੁਸਾਰ ਦੀਵਾਲੀ ਵਾਲੀ ਰਾਤ ਦਿੱਲੀ ਦੇ ਪ੍ਰਦੂਸ਼ਣ ਵਿੱਚ ਪਟਾਕਿਆਂ ਦੀ ਹਿੱਸੇਦਾਰੀ 71 ਫੀਸਦੀ ਰਹੀ। ਇਸ ਤੋਂ ਇਲਾਵਾ ਸੈਕੰਡਰੀ ਆਰਗੈਨਿਕ ਐਰੋਸੋਲ ਦਾ ਹਿੱਸਾ 17.5%, ਲੱਕੜ ਅਤੇ ਬਾਇਓਮਾਸ ਦਾ 14%, ਵਾਹਨਾਂ ਦੇ ਨਿਕਾਸ ਅਤੇ ਸੈਕੰਡਰੀ ਇਨਆਰਗੈਨਿਕ ਐਰੋਸੋਲ ਦਾ 11.7-11.7%, ਕੂੜਾ ਸਾੜਨ ਦਾ 7.7% ਅਤੇ ਧੂੜ-ਸੁਆਹ ਦਾ 1.5% ਯੋਗਦਾਨ ਸੀ।
ਦੀਵਾਲੀ ਦੌਰਾਨ ਦਿੱਲੀ-ਐਨਸੀਆਰ ਵਿੱਚ ਹਵਾ ਗੁਣਵੱਤਾ ਸੂਚਕਾਂਕ (AQI) 3000 ਤੋਂ ਉੱਪਰ ਚਲਾ ਗਿਆ ਸੀ ਅਤੇ ਬਾਅਦ ਦੇ ਦਿਨਾਂ ਵਿੱਚ ਵੀ ਸਰਕਾਰੀ ਅੰਕੜੇ 300 ਤੋਂ ਉੱਪਰ ਰਹੇ। ਪੰਜਾਬ ਵਿੱਚ ਝੋਨੇ ਦੀ ਵਾਢੀ ਦੌਰਾਨ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ ਵੀ ਵਾਧਾ ਹੋਇਆ ਹੈ। ਕਿਸਾਨਾਂ ਕੋਲ ਸਮੇਂ, ਮਸ਼ੀਨਰੀ ਅਤੇ ਵਿੱਤੀ ਲਾਭਾਂ ਦੀ ਘਾਟ ਹੋਣ ਕਾਰਨ ਉਹ ਖੇਤਾਂ ਵਿੱਚ ਰਹਿੰਦ-ਖੂੰਹਦ ਸਾੜਨ ਲਈ ਮਜਬੂਰ ਹਨ। ਹਾਲ ਹੀ ਵਿੱਚ ਕੇਂਦਰੀ ਵਾਤਾਵਰਣ ਮੰਤਰੀ ਨੇ ਸਕੱਤਰ ਪੱਧਰ ਦੇ ਅਧਿਕਾਰੀਆਂ ਨੂੰ ਪ੍ਰਦੂਸ਼ਣ ਰੋਕਣ ਵਾਲੀਆਂ ਟੀਮਾਂ ਦੀ ਅਗਵਾਈ ਕਰਨ, ਪ੍ਰਦੂਸ਼ਣ ਫੈਲਾਉਣ ਵਾਲੀਆਂ ਫੈਕਟਰੀਆਂ 'ਤੇ ਛਾਪੇ ਮਾਰਨ, ਵਾਹਨਾਂ ਦੀ ਸਖ਼ਤ ਜਾਂਚ ਕਰਨ ਅਤੇ ਲਾਪਰਵਾਹ ਅਧਿਕਾਰੀਆਂ ਵਿਰੁੱਧ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਪ੍ਰਦੂਸ਼ਣ ਰੋਕਥਾਮ ਬੋਰਡਾਂ ਨੂੰ ਵੀ ਝਾੜ ਪਾਈ ਗਈ ਹੈ।
ਰਿਪੋਰਟ ਵਿੱਚ ਜ਼ੋਰ ਦਿੱਤਾ ਗਿਆ ਹੈ ਕਿ ਭ੍ਰਿਸ਼ਟਾਚਾਰ ਰੋਕਣ ਲਈ ਚੌਕਸੀ ਕਮਿਸ਼ਨਰ ਅਤੇ ਆਡੀਟਰ ਜਨਰਲ ਆਫ਼ ਇੰਡੀਆ ਰਾਹੀਂ 16,000 ਕਰੋੜ ਰੁਪਏ ਦੀ ਵਰਤੋਂ ਦੀ ਪੜਤਾਲ ਹੋਣੀ ਚਾਹੀਦੀ ਹੈ, ਜਿਸ ਉਪਰੰਤ ਵਾਈਟ ਪੇਪਰ ਅਤੇ ਸਾਂਝੀ ਸੰਸਦੀ ਕਮੇਟੀ ਰਾਹੀਂ ਸਮੀਖਿਆ ਕੀਤੀ ਜਾਵੇ। ਨਾਲ ਹੀ ਪੰਜਾਬ ਅਤੇ ਹਰਿਆਣਾ ਦੇ ਖੇਤੀ-ਜਲਵਾਯੂ ਨੂੰ ਧਿਆਨ ਵਿੱਚ ਰੱਖਦੇ ਹੋਏ ਕੇਂਦਰ ਸਰਕਾਰ ਅਤੇ ਐਫਸੀਆਈ ਵੱਲੋਂ ਝੋਨੇ ਦੀ ਖਰੀਦ ਤੇ ਘੱਟੋ-ਘੱਟ ਸਮਰਥਨ ਮੁੱਲ (MSP) ਨੀਤੀ ਵਿੱਚ ਬਦਲਾਅ ਕਰਕੇ ਹੋਰ ਫਸਲਾਂ ਨੂੰ ਉਤਸ਼ਾਹਿਤ ਕਰਨ ਦੀ ਲੋੜ ਦੱਸੀ ਗਈ ਹੈ।
