ਤਾਜ਼ਾ ਖ਼ਬਰਾਂ — PrimezNews
ਚੰਡੀਗੜ੍ਹ ਵਿੱਚ 22 ਨਵੰਬਰ ਨੂੰ ਮੈਰਾਥਨ ਕਾਰਨ ਟਰੈਫਿਕ ਰੂਟਾਂ 'ਚ ਬਦਲਾਅ, ਐਡਵਾਈਜ਼ਰੀ ਜਾਰੀ
ਚੰਡੀਗੜ੍ਹ ਵਿੱਚ ਐਤਵਾਰ 22 ਨਵੰਬਰ ਨੂੰ ਕੌਮਾਂਤਰੀ ਮੈਰਾਥਨ ਦੇ ਮੱਦੇਨਜ਼ਰ ਸਵੇਰੇ 3 ਵਜੇ ਤੋਂ 10 ਵਜੇ ਤੱਕ ਕਈ ਸੜਕਾਂ 'ਤੇ ਆਵਾਜਾਈ ਪ੍ਰਭਾਵਿਤ ਰਹੇਗੀ। ਪੁਲਿਸ ਨੇ ਲੋਕਾਂ ਨੂੰ ਬਦਲਵੇਂ ਰਸਤੇ ਅਪਣਾਉਣ ਅਤੇ ਮੱਧਿਆ ਮਾਰਗ ਤੇ ਜਨ ਮਾਰਗ ਦੇ ਕੁਝ ਹਿੱਸਿਆਂ ਤੋਂ ਬਚਣ ਦੀ ਸਲਾਹ ਦਿੱਤੀ ਹੈ।

ਦੂਜੀ ਚੰਡੀਗੜ੍ਹ ਇੰਟਰਨੈਸ਼ਨਲ ਮੈਰਾਥਨ ਦੇ ਮੱਦੇਨਜ਼ਰ ਸ਼ਹਿਰ ਦੀ ਟਰੈਫਿਕ ਪੁਲਿਸ ਨੇ 22 ਨਵੰਬਰ ਨੂੰ ਵਾਹਨਾਂ ਦੀ ਆਵਾਜਾਈ ਸਬੰਧੀ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ ਹਨ। ਐਤਵਾਰ ਨੂੰ ਸਵੇਰੇ 3 ਵਜੇ ਤੋਂ ਲੈ ਕੇ ਸਵੇਰੇ 10 ਵਜੇ ਤੱਕ ਕਈ ਅਹਿਮ ਮਾਰਗਾਂ 'ਤੇ ਪਾਬੰਦੀਆਂ ਅਤੇ ਰੂਟ ਡਾਇਵਰਸ਼ਨ ਲਾਗੂ ਰਹਿਣਗੇ। ਦੌੜ ਦਾ ਇਹ ਰਸਤਾ ਚੰਡੀਗੜ੍ਹ ਕਲੱਬ ਦੇ ਸਾਹਮਣੇ ਵਾਲੀ ਸੜਕ ਤੋਂ ਸ਼ੁਰੂ ਹੋ ਕੇ ਸੈਕਟਰ 1/3/4 ਚੌਕ (ਪੁਰਾਣਾ ਬੈਰੀਕੇਡ ਚੌਕ), ਸੁਖਨਾ ਝੀਲ ਮੋੜ, ਮਟਕਾ ਚੌਕ, ਟਰਾਂਸਪੋਰਟ ਚੌਕ ਅਤੇ ਗੇਟ ਨੰਬਰ 3 ਨੇੜਲੇ ਐਸਬੀਆਈ ਛੋਟੇ ਚੌਕ ਤੋਂ ਹੁੰਦਾ ਹੋਇਆ ਵਾਪਸ ਚੰਡੀਗੜ੍ਹ ਕਲੱਬ ਵੱਲ ਜਾਵੇਗਾ।
ਪੁਲਿਸ ਪ੍ਰਸ਼ਾਸਨ ਨੇ ਵਾਹਨ ਚਾਲਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਪ੍ਰੋਗਰਾਮ ਦੌਰਾਨ ਗੇਟ ਨੰਬਰ 3 ਨੇੜਲੇ ਐਸਬੀਆਈ ਸਮਾਲ ਚੌਕ ਤੋਂ ਟਰਾਂਸਪੋਰਟ ਲਾਈਟ ਪੁਆਇੰਟ ਤੱਕ ਮੱਧਿਆ ਮਾਰਗ ਅਤੇ ਮਟਕਾ ਚੌਕ ਤੋਂ ਓਲਡ ਬੈਰੀਕੇਡ ਚੌਕ ਤੱਕ ਜਨ ਮਾਰਗ ਵੱਲ ਜਾਣ ਤੋਂ ਗੁਰੇਜ਼ ਕਰਨ। ਇਸ ਸਮਾਗਮ ਵਿੱਚ ਹਿੱਸਾ ਲੈਣ ਵਾਲੇ ਲੋਕਾਂ ਨੂੰ ਐਤਵਾਰ ਸਵੇਰੇ 3 ਵਜੇ ਤੋਂ ਪਹਿਲਾਂ ਪੈਕ (PEC) ਪਾਰਕਿੰਗ ਵਿੱਚ ਗੱਡੀਆਂ ਖੜ੍ਹੀਆਂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਸ਼ਹਿਰ ਵਾਸੀਆਂ ਨੂੰ ਸਫ਼ਰ ਦੀ ਯੋਜਨਾ ਪਹਿਲਾਂ ਹੀ ਬਣਾਉਣ ਅਤੇ ਰਸਤੇ ਵਿੱਚ ਤਾਇਨਾਤ ਟਰੈਫਿਕ ਕਰਮਚਾਰੀਆਂ ਦੇ ਨਿਰਦੇਸ਼ਾਂ ਦੀ ਪਾਲਣਾ ਕਰਨ ਲਈ ਕਿਹਾ ਗਿਆ ਹੈ। ਨਾਲ ਹੀ, ਆਵਾਜਾਈ ਦੀ ਤਾਜ਼ਾ ਸਥਿਤੀ ਜਾਣਨ ਲਈ ਲੋਕਾਂ ਨੂੰ ਚੰਡੀਗੜ੍ਹ ਟਰੈਫਿਕ ਪੁਲਿਸ ਦੇ ਅਧਿਕਾਰਤ ਸੋਸ਼ਲ ਮੀਡੀਆ ਖਾਤਿਆਂ 'ਤੇ ਨਜ਼ਰ ਰੱਖਣ ਦੀ ਸਲਾਹ ਦਿੱਤੀ ਗਈ ਹੈ।
